ਬੇਅਦਬੀ, ਅਤਿਵਾਦ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਅਕਾਲੀ ਦਲ ਨੂੰ ਕਰਾਰੀ ਹਾਰ ਦਿਉ- ਤਿ੍ਪਤ ਰਜਿੰਦਰ ਸਿੰਘ  ਬਾਜਵਾ

ਹਲਕੇ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾਉਣਗੇ ਲਈ ਕਾਂਗਰਸ ਨੂੰ ਜਿਤਾਉਣਗੇ ਬਟਾਲਾ, 13 ਫਰਵਰੀ: ਹਲਕਾ ਫਤਹਿਗੜ ਚੂੜੀਆਂ ਤੋਂ ਕਾਂਗਰਸੀ ਉਮੀਦਵਾਰ ਤਿ੍ਪਤ ਰਜਿੰਦਰ ਸਿੰਘ  ਬਾਜਵਾ ਨੇ ਅੱਜ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਰਾਜ ਸਤਾ ਹਥਿਆਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪੰਜਾਬ ਨੂੰ ਅਤਿਵਾਦ ਦੀ ਭੱਠੀ ਵਿਚ ਝੋਕਣ ਅਤੇ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਸਮੁੰਦਰ ਵਿਚ ਡੁਬੋਣ ਲਈ ਜ਼ਿੰਮੇਵਾਰ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਕਰਾਰੀ ਹਾਰ ਦੇਣ।  ਸ਼੍ਰੀ ਬਾਜਵਾ ਨੇ ਅੱਜ ਹਲਕੇ ਦੇ ਪਿੰਡ ਤਲਵੰਡੀ ਲਾਲ ਸਿੰਘ, ਫ਼ਜ਼ਲਾਬਾਦ, ਰੋਡ ਖਹਿਰਾ, ਦਾਲਮ, ਤਾਰਾਗੜ ਅਤੇ ਕੋਟਲੀ ਫੱਸੀ ਵਿਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦੇ ਆਸਰੇ 2017ਦੀਆਂ ਚੋਣਾਂ ਜਿੱਤਣ ਦੀ ਲਾਲਸਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਚੋਰੀ ਅਤੇ ਅੰਗ ਖਿਲਾਰਣ ਵਾਲੇ ਡੇਰਾ ਪ੍ਰੇਮੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੂਬੇ ਦਾ ਗ੍ਰਹਿ ਮੰਤਰੀ ਹੁੰਦਿਆਂ 2012 ਦੀਆਂ ਚੋਣਾਂ ਤੋਂ ਪੰਜ ਦਿਨ ਪਹਿਲਾਂ ਡੇਰਾ ਮੁੱਖੀ ਰਾਮ ਰਹੀਮ ਵਿਰੁੱਧ ਬਠਿੰਡਾ ਦੀ ਅਦਾਲਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਚੱਲ ਰਿਹਾ ਕੇਸ ਵਾਪਸ ਲਿਆ ਸੀ। ਸ਼੍ਰੀ ਬਾਜਵਾ ਨੇ ਕਿਹਾ ਕਿ ਹੁਣ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਮੁੱਖੀ ਨੂੰ ਪੈਰੋਲ ਉੱਤੇ ਜੇਲ ਵਿਚੋਂ ਛੱਡਣ ਦਾ ਸਵਾਗਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲੇ ਸ਼ਰਧਾਲੂਆਂ ਦੇ ਜ਼ਖਮਾਂ ਉੱਤੇ ਲੂਣ ਛਿੜਕਿਆ ਹੈ। ਕਾਂਗਰਸੀ ਆਗੂ ਨੇ ਕਿਹਾ ਹੈ ਕਿ ਅਕਾਲੀ ਦਲ ਹੀ ਪੰਜਾਬ ਨੂੰ ਅਤਿਵਾਦ ਦੀ ਭੱਠੀ ਵਿਚ ਝੋਕ ਕੇ ਇਸ ਦੀ ਆਰਥਿਕਤਾ ਨੂੰ ਅਜਿਹਾ ਤਬਾਹ ਕੀਤਾ ਕਿ ਹੁਣ ਤੱਕ ਵੀ ਮੁੜ ਪੈਰਾਂ ਸਿਰ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਹੀ ਪਹਿਲੀ ਵਾਰੀ ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਉੱਤੇ ਲਾਇਆ ਕਿ ਇਹ ਬੀਮਾਰੀ ਅੱਜ ਤੱਕ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਸ਼੍ਰੀ ਬਾਜਵਾ ਨੇ ਕਿਹਾ ਕਿ 2017 ਦੀ ਚੋਣ ਦੇ ਨਤੀਜੇ ਆਉਣ ਤੋਂ ਦਿਨ ਪਹਿਲਾਂ ਸੂਬੇ ਸਿਰ 31000 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਅਕਾਲੀ ਦਲ ਦੀ ਸਰਕਾਰ ਨੇ ਅਜਿਹਾ ਬਜਰ ਗੁਨਾਹ ਕੀਤਾ ਹੈ ਜਿਸ ਲਈ ਇਸ ਨੂੰ ਕਦਾਚਿੱਤ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।   ਸ਼੍ਰੀ ਬਾਜਵਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵਿਚ ਉਹਨਾਂ ਨੇ ਪੰਜਾਬ ਦੀ ਤਬਾਹੀ ਲਈ ਜ਼ਿੇਂਵਾਰ ਸੁਖਬੀਰ ਸਿੰਘ ਬਾਦਲ, ਸੂਬੇ ਦੇ ਦਰਿਆਈ ਪਾਣੀ ਤੇ ਸਰਮਾਏ ਨੂੰ ਲੁੱਟਣ ਲਈ ਕਾਹਲੇ ਅਰਵਿੰਦ ਕੇਜਰੀਵਾਲ ਦੇ ਮੋਹਰੇ ਭਗਵੰਤ ਮਾਨ ਅਤੇ ਪੰਜਾਬ ਦੀ ਤਰਕੀ ਤੇ ਵਿਕਾਸ ਦੇ ਜ਼ਾਮਨ ਚਰਨਜੀਤ ਸਿੰਘ ਚੰਨੀ ਵਿਚੋਂ ਇੱਕ ਨੂੰ ਪੰਜਾਬ ਦੀ ਵਾਗਡੋਰ ਸੰਭਾਲਨੀ ਹੈ। ਉਹਨਾਂ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਹਲਕੇ ਦੇ ਸੂਝਵਾਨ ਲੋਕ ਸਾਰੇ ਪੱਖਾਂ ਉੱਤੇ ਵਿਚਾਰ ਕਰ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਉਤੇ ਬਿਠਾਉਣ ਲਈ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਜਿਤਾਉਣਗੇ।ਕਾਂਗਰਸੀ ਆਗੂ ਨੇ ਹਲਕੇ ਦੇ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਇਲਾਕੇ ਦਾ ਦੁਣਾ ਚੋਣਾਂ ਵਿਕਾਸ ਕਰਵਾਉਣਗੇ।